ਨਵੀਂ ਦਿੱਲੀ : ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਵਿਗਿਆਨ ਭਵਨ ਵਿਖੇ ਅੱਠਵਾਂ ਦੌਰ ਦੀ ਗੱਲਬਾਤ ਬਿਨਾਂ ਕਿਸੇ ਸਿੱਟੇ ਦੇ ਸਮਾਪਤ ਹੋ ਗਈ ਹੈ। ਕਿਸਾਨ ਅਤੇ ਸਰਕਾਰ ਦਰਮਿਆਨ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਅਗਲੀ ਮੀਟਿੰਗ ਹੁਣ 15 ਜਨਵਰੀ ਤੋਂ ਬਾਅਦ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੀ ਬੈਠਕ ‘ਚ ਵੀ ਸਰਕਾਰ ਦਾ ਪਹਿਲਾਂ ਵਾਲਾ ਰਵੱਈਆ ਹੀ ਰਿਹਾ। ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਕਿਹਾ ਗਿਆ ਕਿ ਉਹ ਮਾਣਯੋਗ ਸੁਪਰੀਮ ਕੋਰਟ ‘ਚ ਆਪਣਾ ਪੱਖ ਰੱਖਣ ਪਰ ਅਸੀਂ ਸਰਕਾਰ ਨੂੰ ਸਾਫ ਤੌਰ ‘ਤੇ ਮਨ੍ਹਾ ਕਰ ਦਿੱਤਾ ਹੈ।