ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਾਈ ਸੁਦਰਸ਼ਨ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ। ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਕਰੁਣ ਨਾਇਰ ਨੂੰ ਵੀ ਟੀਮ ਵਿੱਚ ਚੁਣਿਆ ਗਿਆ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਫਿਟਨੈਸ ਕਾਰਨਾਂ ਕਰਕੇ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਤੇਜ਼ ਗੇਂਦਬਾਜ਼ ਹਰਫਨਮੌਲਾ ਸ਼ਾਰਦੁਲ ਠਾਕੁਰ ਦੀ ਵੀ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ। ਜਿੱਥੇ ਸ਼੍ਰੇਅਸ ਅਈਅਰ ਇਸ ਟੀਮ ਦਾ ਹਿੱਸਾ ਨਹੀਂ ਹੈ, ਉੱਥੇ ਹੀ ਸਰਫਰਾਜ਼ ਖਾਨ ਨੂੰ ਵੀ ਜਗ੍ਹਾ ਨਹੀਂ ਮਿਲੀ ਹੈ।ਟੀਮ ਚੋਣ ਲਈ ਮੀਟਿੰਗ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁੰਬਈ ਸਥਿਤ ਮੁੱਖ ਦਫ਼ਤਰ ਵਿੱਚ ਹੋਈ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਅਤੇ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਅਜੀਤ ਅਗਰਕਰ ਨੇ ਭਾਰਤੀ ਟੀਮ ਦਾ ਐਲਾਨ ਕੀਤਾ। ਪ੍ਰੈਸ ਕਾਨਫਰੰਸ ਵਿੱਚ ਸ਼ਿਵ ਸੁੰਦਰ ਦਾਸ ਵੀ ਮੌਜੂਦ ਸਨ।