ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ। ਡੀਆਈਜੀ ਹਰਚਰਨ ਸਿੰਘ ਤੇ ਉਨ੍ਹਾਂ ਨਾਲ ਜੁੜੇ ਵਿਚੋਲਿਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਜਿੱਥੇ ਸੀਬੀਆਈ ਦੋਵਾਂ ਦਾ ਰਿਮਾਂਡ ਮੰਗੇਗੀ। ਡੀਆਈਜੀ ਭੁੱਲਰ ਨੇ ਵਿਚੋਲਿਆਂ ਰਾਹੀਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ। ਡੀਆਈਜੀ ‘ਤੇ ਰਿਸ਼ਵਤ ਦੇ ਬਦਲੇ ਸਕ੍ਰੈਪ ਡੀਲਰ ਨੂੰ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦੇਣ ਦਾ ਇਲਜ਼ਾਮ ਹੈ।
ਸ਼ਿਕਾਇਤ ਤੋਂ ਬਾਅਦ, ਸੀਬੀਆਈ ਨੇ ਜਾਲ ਵਿਛਾ ਕੇ ਡੀਆਈਜੀ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ ਸੀਬੀਆਈ ਟੀਮ ਨੇ ਉਨ੍ਹਾਂ ਦੇ ਮੋਹਾਲੀ ਦਫ਼ਤਰ ਤੇ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 40 ਸਥਿਤ ਘਰ ਦੀ ਤਲਾਸ਼ੀ ਲਈ। ਡੀਆਈਜੀ ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ, ਜੋ ਕਿ ਤਿੰਨ ਬੈਗਾਂ ਤੇ ਦੋ ਬ੍ਰੀਫਕੇਸਾਂ ‘ਚ ਰੱਖੀ ਗਈ ਸੀ।
ਅਧਿਕਾਰੀਆਂ ਨੂੰ ਪੈਸੇ ਗਿਣਨ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਇਸ ਤੋਂ ਇਲਾਵਾ, 1.5 ਕਿਲੋ ਸੋਨੇ ਦੇ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ।ਸੀਬੀਆਈ ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਵੀ
ਮਿਲੇ ਹਨ।