ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਬਸੀ ਕਾਲੇ ਖਾਂ ਵਿਖੇ 12ਵੀਂ ਦੇ ਵਿਦਿਆਰਥੀ ਨੇ ਆਪਣੀ ਦਾਦੀ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਉਸ ਨੇ ਅੱਗ ਲਗਾ ਕੇ ਲਾਸ਼ ਨੂੰ ਸਾੜ ਦਿੱਤਾ। ਥਾਣਾ ਹਰਿਆਣਾ ਦੇ ਪਿੰਡ ਬਸੀ ਕਾਲੇ ਖਾਂ ਵਿਖੇ ਬਜ਼ੁਰਗ ਜੋਗਿੰਦਰ ਕੌਰ ਦੀ ਸੋਮਵਾਰ ਨੂੰ ਹੱਤਿਆ ਹੋ ਗਈ। ਜੋਗਿੰਦਰ ਕੌਰ ਪਿਛਲੇ ਸਾਢੇ ਤਿੰਨ ਮਹੀਨੇ ਤੋਂ ਬਿਮਾਰੀ ਕਾਰਨ ਬਿਸਤਰ ‘ਤੇ ਹੀ ਸੀ। ਸੋਮਵਾਰ ਨੂੰ ਬਾਅਦ ਦੁਪਹਿਰ ਉਸ ਦਾ ਲੜਕਾ ਹਰਜੀਤ ਸਿੰਘ ਅਤੇ ਨੂੰਹ ਜਸਪਾਲ ਕੌਰ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਖ਼ਰੀਦਦਾਰੀ ਕਰਨ ਗਏ ਹੋਏ ਸਨ। ਰਸਤੇ ਵਿਚ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਲੜਕੇ ਦਾ ਫ਼ੋਨ ਆ ਗਿਆ ਕਿ ਘਰ ਲੁਟੇਰੇ ਆ ਗਏ ਹਨ। ਪਤੀ-ਪਤਨੀ ਜਦੋਂ ਘਰ ਪਹੁੰਚੇ ਤਾਂ ਘਰ ਦਾ ਮੇਨ ਗੇਟ ਅੰਦਰੋਂ ਬੰਦ ਸੀ, ਜਦੋਂ ਉਹ ਛੋਟੇ ਦਰਵਾਜ਼ੇ ਰਾਹੀਂ ਅੰਦਰ ਗਏ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਦੇ ਕਮਰੇ ‘ਚ ਅੱਗ ਲੱਗੀ ਹੋਈ ਸੀ। ਜੋਗਿੰਦਰ ਕੌਰ ਦੀ ਲਾਸ਼ ਉਸ ਦੇ ਬੈੱਡ ‘ਤੇ ਸੜੀ ਪਈ ਸੀ। ਮਾਪਿਆਂ ਨੇ ਜਦੋਂ ਆਪਣੇ ਲੜਕੇ ਨੂੰ ਆਵਾਜ਼ਾਂ ਮਾਰੀਆਂ ਤਾਂ ਉਸ ਦਾ ਕੋਈ ਜਵਾਬ ਨਹੀਂ ਆਇਆ, ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਲੜਕਾ ਆਪਣੇ ਕਮਰੇ ‘ਚ ਬੈੱਡ ਬਾਕਸ ਵਿਚ ਪਿਆ ਹੋਇਆ ਸੀ, ਉਸ ਦੇ ਹੱਥ-ਪੈਰ ਚੁੰਨੀ ਨਾਲ ਬੰਨ੍ਹੇ ਹੋਏ ਸਨ ਅਤੇ ਆਲੇ-ਦੁਆਲੇ ਕੱਪੜੇ ਖਿੱਲਰੇ ਪਏ ਸਨ। ਹਾਲਾਂਕਿ ਪੁਲਿਸ ਵੱਲੋਂ ਸਖਤੀ ਵਿਖਾਉਣ ਉਤੇ ਲੜਕਾ ਮੰਨ ਗਿਆ ਕਿ ਉਸ ਨੇ ਹੀ ਆਪਣੀ ਦਾਦੀ ਨੂੰ ਮਾਰਿਆ ਹੈ। ਉਸ ਨੇ ਦੱਸਿਆ ਕਿ ਦਾਦੀ ਉਸ ਨੂੰ ਮਾੜਾ ਬੋਲਦੀ ਸੀ, ਜਿਸ ਕਰ ਕੇ ਉਹ ਉਸ ਤੋਂ ਦੁਖੀ ਸੀ ਤੇ ਉਸ ਨੂੰ ਮਾਰਨ ਬਾਰੇ ਸੋਚਦਾ ਰਹਿੰਦਾ ਸੀ।