ਕੋਰੋਨਾ ਮਹਾਂਮਾਰੀ ਦੇ ਬਾਅਦ ਇੱਕ ਵਾਰ ਫਿਰ ਆਮ ਜਨ-ਜੀਵਨ ਪਟੜੀ ‘ਤੇ ਆਉਂਦਾ ਨਜ਼ਰ ਆ ਰਿਹਾ ਹੈ। ਇਸ ਸਾਲ ਕਾਰੋਬਾਰੀ ਗਤੀਵਿਧੀਆਂ ਵਿੱਚ ਉਮੀਦ ਨਾਲੋਂ ਜ਼ਿਆਦਾ ਤੇਜ਼ੀ ਨਾਲ ਹੋਣ ਵਾਲੇ ਸੁਧਾਰ ਹੋਣ ਦੀ ਉਮੀਦ ਹੈ। ਉਪਭੋਗਤਾਵਾਂ ਦਾ ਭਰੋਸਾ ਵਧਣ ਨਾਲ ਕੰਪਨੀਆਂ ਇਸ ਸਾਲ ਤਨਖ਼ਾਹਾਂ ਵਿੱਚ ਔਸਤਨ 7.3 ਪ੍ਰਤੀਸ਼ਤ ਵਾਧਾ (Average Increment) ਕਰ ਸਕਦੀਆਂ ਹਨ। ਡੀਲੋਇਟ ਟੱਚ ਟੋਹਮੇਟਸੂ ਇੰਡੀਆ LLP (DTTILLP) ਦੁਆਰਾ, ਕਾਰਜਬਲ ਅਤੇ ਵੇਤਨ ਵਾਧੇ ਦੇ ਰੁਝਾਨਾਂ ਲਈ ਕਰਵਾਏ ਗਏ 2021 ਦੇ ਇੱਕ ਸਰਵੇਖਣ (Workforce and Increment Trends Survey) ਦੇ ਪਹਿਲੇ ਚਰਨ ਵਿੱਚ ਪਾਇਆ ਗਿਆ ਕਿ ਇਸ ਸਾਲ ਤਨਖ਼ਾਹਾਂ ਵਿੱਚ ਔਸਤਨ ਵਾਧਾ 2020 ਦੇ 4.4 ਪ੍ਰਤੀਸ਼ਤ ਤੋਂ ਵੱਧ ਹੋਵੇਗਾ ਪਰ 2019 ਦੇ 8.6 ਪ੍ਰਤੀਸ਼ਤ ਤੋਂ ਘੱਟ ਹੋਵੇਗਾ। ਇਸ ਸਾਲ, ਸਰਵੇਖਣ ਵਿੱਚ ਸ਼ਾਮਿਲ ਹੋਣ ਵਾਲੀਆਂ 92 ਪ੍ਰਤੀਸ਼ਤ ਕੰਪਨੀਆਂ ਨੇ ਤਨਖ਼ਾਹ ਵਿਚ ਵਾਧੇ ਦੀ ਗੱਲ ਕਹੀ ਜਦਕਿ ਪਿਛਲੇ ਸਾਲ ਸਿਰਫ਼ 60 ਪ੍ਰਤੀਸ਼ਤ ਨੇ ਇਹ ਕਿਹਾ ਸੀ।