ਫਰੀਦਕੋਟ, ਫਰੀਦਕੋਟ ਦੇ ਨਾਰਾਇਣ ਨਗਰ ‘ਚ ਨੌਜਵਾਨ ਠੇਕੇਦਾਰ ਕਰਨ ਕਟਾਰੀਆ ਵੱਲੋਂ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਲੇ ਤੇ ਮੁਕਤਸਰ ਵਿਵਾਸੀ ਡਿੰਪੀ ਵਿਨਾਯਕ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦੀ ਧਾਰਾ 306 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕੇਸ ਮ੍ਰਿਤਕ ਠੇਕੇਦਾਰ ਕਰਨ ਕਟਾਰੀਆ ਦੇ ਸੁਸਾਈਡ ਨੋਟ ਤੇ ਉਸ ਦੇ ਭਰਾ ਅੰਕਿਤ ਕਟਾਰੀਆ ਦੇ ਬਿਆਨ ਦੇ ਆਧਾਰ ‘ਤੇ ਦਰਜ ਕੀਤਾ ਹੈ। ਇਸ ਘਟਨਾਕ੍ਰਮ ਦੌਰਾਨ ਕਰਨ ਕਟਾਰੀਆ ਤੇ ਉਸ ਦੇ ਦੋਵਾਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦੀ ਪਤਨੀ ਸ਼ੀਨਮ ਕਟਾਰੀਆ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਹੋਇਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਅੰਕਿਤ ਕਟਾਰੀਆ ਨੇ ਦੱਸਿਆ ਕਿ ਉਸ ਕੋਲ ਟਰੱਕ ਯੂਨੀਅਨ ਗਿੱਦੜਬਾਹਾ ਦੀਆਂ ਫ਼ਸਲਾਂ ਦੀ ਲਿਫਟਿੰਗ ਦੇ ਠੇਕੇ ਸਨ। ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਸਾਲਾ ਹੋਣ ਕਾਰਨ ਮੁਕਤਸਰ ਨਿਵਾਸੀ ਡਿੰਪੀ ਵਿਨਾਯਕ ਦਾ ਉਨ੍ਹਾਂ ਦੇ ਸਾਰੇ ਕੰਮਾਂ ‘ਚ ਦਖ਼ਲ ਸੀ ਤੇ ਉਹ ਉਨ੍ਹਾਂ ਤੋਂ ਉਗਰਾਹੀ ਕਰਦਾ ਸੀ। ਇਸ ਦਬਾਅ ਹੇਠ ਪਿਛਲੇ ਤੇ ਇਸ ਸੀਜ਼ਨ ਦੌਰਾਨ ਉਹ ਉਨ੍ਹਾਂ ਤੋਂ 1 ਕਰੋੜ 22 ਲੱਖ ਰੁਪਏ ਲੈ ਗਿਆ। ਇਸੇ ਤਰ੍ਹਾਂ ਬਿਜਲੀ ਦੇ ਕੰਮ ‘ਚ ਵੀ ਉਹ ਉਨ੍ਹਾਂ ਤੋਂ ਜਬਰਨ ਵਸੂਲੀ ਕਰ ਰਿਹਾ ਸੀ ਤੇ ਦਾਅਵਾ ਕਰਦਾ ਸੀ ਕਿ ਇਸ ਪੈਸੇ ‘ਚ ਵਿਧਾਇਕ ਰਾਜਾ ਵੜਿੰਗ ਦਾ ਵੀ ਹਿੱਸਾ ਹੈ। ਇਸ ਲੈਣ-ਦੇਣ ਕਾਰਨ ਡਿੰਪੀ ਨੇ ਰਾਜਾ ਵੜਿੰਗ ਦੇ ਨਾਲ ਹੀ ਉਨ੍ਹਾਂ ਦਾ ਵਿਵਾਦ ਖੜ੍ਹਾ ਕਰਵਾ ਦਿੱਤਾ ਤੇ ਰਾਜਾ ਵੜਿੰਗ ਵੀ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ। ਅੰਕਿਤ ਅਨੁਸਾਰ ਜਦੋਂ ਵੀ ਡਿੰਪੀ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਸਿਆਸੀ ਜ਼ੋਰ ਦੀ ਵਜ੍ਹਾ ਨਾਲ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸ ਦਾ ਭਰਾ ਪਰੇਸ਼ਾਨ ਰਹਿਣ ਲੱਗਾ।