ਵਾਸ਼ਿੰਗਟਨ, 10 ਦਸੰਬਰ 2020 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਰਕਾਰੀ ਹੁਕਮ ‘ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਦੂਜੇ ਦੇਸ਼ਾਂ ਦੀ ਮਦਦ ਕਰਨ ਤੋਂ ਪਹਿਲਾਂ ਅਮਰੀਕੀ ਲੋਕਾਂ ਤਕ ਕੋਵਿਡ-19 ਟੀਕੇ ਦੀ ਪਹੁੰਚ ਯਕੀਨੀ ਕਰਨ ਨੂੰ ਤਰਜੀਹ ਦਿਤੀ ਜਾਵੇਗੀ। ਟਰੰਪ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਸੱਭ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਕੋਵਿਡ-19 ਦਾ ਟੀਕਾ ਯਕੀਨੀ ਕਰਨ ਲਈ ਰਖਿਆ ਉਤਪਾਦਨ ਕਾਨੂੰਨ ਵੀ ਲਾਗੂ ਕਰਨਗੇ।
ਰਖਿਆ ਉਤਪਾਦਨ ਕਾਨੂੰਨ ਜ਼ਰੀਏ ਰਾਸ਼ਟਰਪਤੀ ਨਿਜੀ ਕੰਪਨੀਆਂ ਨੂੰ ਉਤਪਾਦਨ ਵਧਾਉਣ ਦਾ ਨਿਰਦੇਸ਼ ਦੇ ਸਕਣਗੇ। ਕੰਪਨੀਆਂ ਨੂੰ ਸੰਘੀ ਸਰਕਾਰ ਦੀਆਂ ਤਰਜੀਹਾਂ ਦੇ ਹਿਸਾਬ ਨਾਲ ਟੀਕੇ ਦਾ ਨਿਰਮਾਣ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਅਮਰੀਕੀ ਕੰਪਨੀਆਂ ਨੇ ਸੁਰੱਖਿਅਤ ਅਤੇ ਅਸਰਦਾਰ ਟੀਕਾ ਤਿਆਰ ਕੀਤਾ। ਟਰੰਪ ਨੇ ਵ੍ਹਾਈਟ ਹਾਊਸ ਵਿਚ ਮੰਗਲਵਾਰ ਨੂੰ ਸਰਕਾਰੀ ਆਦੇਸ਼ ‘ਤੇ ਦਸਤਖ਼ਤ ਕਰਦਿਆਂ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਜਲਦੀ ਹੀ ਮਹਾਮਾਰੀ ਨੂੰ ਖ਼ਤਮ ਕਰ ਦੇਵਾਂਗੇ ਅਤੇ ਦੇਸ਼-ਦੁਨੀਆ ਵਿਚ ਲੱਖਾ ਲੋਕਾਂ ਦੀ ਜਾਨ ਬਚਾਵਾਂਗੇ। ਇਸ ਲਈ ਅਸੀ ਤਿਆਰੀ ਸ਼ੁਰੂ ਕਰ ਦਿਤੀ ਹੈ।
ਟਰੰਪ ਪ੍ਰਸ਼ਾਸਨ ਨੇ ਕੋਵਿਡ-19 ਦੇ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਦੇ ਉਤਪਾਦਨ ਅਤੇ ਵੰਡ ਦੇ ਸਬੰਧ ਵਿਚ ‘ਆਪਰੇਸ਼ਨ ਵਾਰਪ ਸਪੀਡ’ ਦੀ ਸ਼ੁਰੂਆਤ ਕੀਤੀ ਸੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਟੀਕੇ ਦੇ ਵਿਕਾਸ ਦੇ ਲਈ 14 ਅਰਬ ਡਾਲਰ ਰਾਸ਼ੀ ਦੀ ਮਦਦ ਕੀਤੀ ਹੈ। ਉਨ੍ਹਾਂ ਮੁਤਾਬਕ, ਸਰਕਾਰ ਦੀ ਮਦਦ ਤੋਂ ਬਾਅਦ ਦਵਾਈ ਕੰਪਨੀਆਂ ਫ਼ਾਈਜ਼ਰ ਅਤੇ ਮੋਡਰਨਾ ਨੂੰ ਟੀਕਾ ਵਿਕਸਤ ਕਰਨ ਵਿਚ ਮਦਦ ਮਿਲੀ। ਫ਼ਾਈਜ਼ਰ ਨੇ ‘ਆਪਰੇਸ਼ਨ ਵਾਰਪ ਸਪੀਡ’ ਤੋਂ ਵੱਖ ਅਪਣਾ ਟੀਕਾ ਤਿਆਰ ਕੀਤਾ ਹੈ ਪਰ ਇਸ ਦੇ ਨਿਰਮਾਣ ਅਤੇ ਵੰਡ ਲਈ ਉਸ ਨੇ ਅਮਰੀਕੀ ਸਰਕਾਰ ਨਾਲ ਤਾਲਮੇਲ ਕੀਤਾ ਹੈ। ਬ੍ਰਿਟੇਨ ਵਿਚ ਮੰਗਲਵਾਰ ਨੂੰ ਫ਼ਾਈਜ਼ਰਬਾਇਓਨਟੇਕ ਦੇ ਟੀਕੇ ਦੀ ਵਰਤੋਂ ਸ਼ੁਰੂ ਹੋ ਗਈ। ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਹੁਣ ਤਕ 285,000 ਲੋਕਾਂ ਦੀ ਜਾਨ ਜਾ ਚੁਕੀ ਹੈ। ਸਰਕਾਰੀ ਆਦੇਸ਼ ਤਹਿਤ ਸਿਹਤ ਮੰਤਰੀ ਅਮਰੀਕਾ ਦੇ ਲੋਕਾਂ ਨੂੰ ਕੋਵਿਡ-19 ਟੀਕਾ ਮੁਹਈਆ ਕਰਾਏ ਜਾਣ ਦੇ ਸਬੰਧ ਵਿਚ ਤਰਜੀਹ ਦੇਣ ਦਾ ਨਿਰਦੇਸ਼ ਦੇਣਗੇ।