ਨਕੋਦਰ, ਸ਼ੰਕਰ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਬਜੂਹਾ ਖ਼ੁਰਦ ਵਿਖੇ ਵੇਈਂ ‘ਚੋਂ ਪੁਲ ਦੇ ਕੋਲ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਲਾਸ਼ ਦੇ ਨੇੜਿਓਂ ਹੀ ਸਕੂਟਰੀ ਵੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਸਦਰ ਨਕੋਦਰ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ੰਕਰ ਚੌਕੀ ਇੰਚਾਰਜ ਗੁਰਨਾਮ ਸਿੰਘ ਨੂੰ ਕੁੱਝ ਲੋਕਾਂ ਵੱਲੋਂ ਫ਼ੋਨ ਕੀਤਾ ਗਿਆ ਸੀ ਕਿ ਬਜੂਹਾ ਖ਼ੁਰਦ ਵੇਈਂ ‘ਚ ਪੁਲ ਦੇ ਕੋਲ ਕਿਸੇ ਵਿਅਕਤੀ ਦੀ ਬਾਂਹ ‘ਤੇ ਨੂੰ ਖੜੀ ਨਜ਼ਰ ਆ ਰਹੀ ਹੈ।ਸੂਚਨਾ ਮਿਲਦਿਆਂ ਹੀ ਏਐੱਸਆਈ ਗੁਰਨਾਮ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਇੱਕ ਸਕੂਟਰੀ ਪੀਬੀ 08 ਈਬੀ 2450 ਵੀ ਵੇਈਂ ਵਿੱਚ ਡਿੱਗੀ ਮਿੱਲੀ। ਜਦੋਂ ਸਕੂਟਰੀ ਦੇ ਕਾਗ਼ਜ਼ ਚੈੱਕ ਕੀਤੇ ਤਾਂ ਮ੍ਰਿਤਕ ਦੀ ਪਛਾਣ ਅਭਸ਼ੇਕ ਸਹੋਤਾ ਵਾਸੀ ਪਿੰਡ ਮੁਜੱਫਰਪੁਰ ਨਕੋਦਰ ਹੋਈ। ਐੱਸਐੱਚਓ ਨੇ ਦੱਸਿਆ ਕਿ ਲਾਸ਼ ਉਪਰ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਹੈ। ਇਸ ਕਰਕੇ ਲੱਗਦਾ ਕਿ ਅਚਾਨਕ ਡਿੱਗਣ ਕਾਰਨ ਅਭਿਸ਼ੇਕ ਦੀ ਵੇਈਂ ਦੇ ਗੰਦੇ ਪਾਣੀ ‘ਚ ਡੁੱਬਣ ਨਾਲ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸ਼ਟਮਾਟਮ ਲਈ ਭੇਜ ਦਿੱਤਾ ਗਿਆ ਹੈ।