ਬੀਕੇਯੂ ਰਾਜੇਵਾਲ ਨੇ ਖੇਤੀ ਕਾਨੂੰਨਾਂ ਖ਼ਿਲਾਫ ਕੱਢੀ ਟਰੈਕਟਰ ਰੈਲੀ, ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਜਲੰਧਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਅੱਜ ਪਿੰਡਾਂ ਤੋਂ ਆਏ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਹਿਰ ਅੰਦਰ ਟਰੈਕਟਰ ਰੈਲੀ ਕੱਢ ਕੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਖ਼ਿਲਾਫ ਨਾਅਰੇਬਾਜ਼ੀ ਕੀਤੀ। ਬੀਕੇਯੂ ਰਾਜੇਵਾਲ ਦੀ ਜ਼ਿਲ੍ਹਾ ਇਕਾਈ ਨੇ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਰਾਮਾ ਮੰਡੀ ਤੋਂ ਪੀਏਪੀ ਚੌਕ, ਬੀਐੱਸਐੱਫ ਚੌਕ, ਗੁਰੂ ਨਾਨਕ ਮਿਸ਼ਨ ਹਸਪਤਾਲ ਚੌਕ, ਅੰਬੇਡਕਰ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ ਤੇ ਪਟੇਲ ਚੌਕ ਹੁੰਦੇ ਹੋਏ ਮਾਈਂ ਹੀਰਾ ਗੇਟ ਤੇ ਵਾਲਮੀਕਿ ਗੇਟ ਨੇੜੇ ਸਥਿਤ ਸੀਤਲਾ ਮੰਦਰ ਵਿਚ ਭਾਜਪਾ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਟਰੈਕਟਰ ਰੈਲੀ ਦੇ ਸ਼ਹਿਰ ਵਿਚ ਦਾਖ਼ਲ ਹੋਣ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਵੀ ਚੌਕਸ ਹੋ ਗਈ ਤੇ ਸੀਤਲਾ ਮੰਦਰ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਕਿਸਾਨਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਰੈਲੀ ਵਿਚ ਸ਼ਾਮਿਲ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪੁਤਲਾ ਫੂਕਿਆ। ਇਸ ਉਪਰੰਤ ਮੁਜ਼ਾਹਰਾਕਾਰੀ ਕਿਸਾਨ ਟਰੈਕਟਰ ਰੈਲੀ ਲੈ ਕੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਚਲੇ ਗਏ।

Leave a Reply

Your email address will not be published. Required fields are marked *