ਜ਼ਿਲਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਨੌਜਵਾਨ ਨੇ ਆਪਣੇ ਵਿਆਹ ਮੌਕੇ ਜੰਝ ਸਮੇਤ ਕਿਸਾਨੀ ਸੰਘਰਸ਼ ਵਿੱਚ ਹਾਜ਼ਰੀ ਲਵਾਈ। ਪਾਵਰਕਾਮ ਵਿੱਚ ਬਤੌਰ ਜੇਈ ਦੀ ਨੌਕਰੀ ਕਰਨ ਵਾਲੇ ਜਗਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਠੀਕਰੀਵਾਲਾ ਦੀ ਜੰਝ ਜ਼ਿਲਾ ਲੁਧਿਆਣਾ ਦੇ ਪਿੰਡ ਦਾਦ ਲਈ ਚੜ੍ਹੀ। ਰਸਤੇ ਵਿੱਚ ਮਹਿਲ ਕਲਾਂ ਦੇ ਟੌਲ ਪਲਾਜ਼ੇ ’ਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਦਾ 3 ਮਹੀਨੇ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਜਿੱਥੇ ਲਾੜੇ ਵਲੋਂ ਸਾਰੇ ਬਰਾਤੀਆਂ ਸਮੇਤ ਕਿਸਾਨੀ ਮੋਰਚੇ ਵਿੱਚ ਰੁਕ ਕੇ ਹਾਜ਼ਰੀ ਲਵਾਈ ਗਈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ ਗਈ। ਲਾੜੇ ਜਗਦੀਪ ਸਿੰਘ ਵਲੋਂ ਕਿਸਾਨੀ ਸੰਘਰਸ਼ ਲਈ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਜੱਥੇਬੰਦੀਆਂ ਦੇ ਆਗੂਆਂ ਨੂੰ ਸੌਂਪੀ ਗਈ।