ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਖੇਤਰ ਵਿਚ ਜਿ਼ਲ੍ਹਾ ਮੋਗਾ ਨੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਮਾਣਮੱਤੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੂੰ ਭਾਰਤ ਸਰਕਾਰ ਦੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਮਿਤੀ 2 ਅਕਤੂਬਰ ਨੂੰ ਸਵੱਛ ਭਾਰਤ ਮਿਸ਼ਨ` ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਨਗੇ। ਇਹ ਸਮਾਗਮ ਵਰਚੁਅਲੀ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਦੇਸ਼ ਵਿੱਚ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਖਾਨਿਆਂ ਦੀ ਵਰਤੋਂ ਕਰਨ ਅਤੇ ਪਾਣੀ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਮਕਸਦ ਲਈ ਜਲ ਸ਼ਕਤੀ ਮੰਤਰਾਲੇ ਵੱਲੋਂ ਤਿੰਨ ਵਰਗਾਂ (ਸਵੱਛ ਸੁੰਦਰ ਸਮੁੰਦਾਇਕ ਸ਼ੌਚਾਲਿਯ, ਸਮੁੰਦਾਇਕ ਸ਼ੌਚਾਲਿਯ ਅਭਿਆਨ, ਗੰਦਗੀ ਮੁਕਤ ਭਾਰਤ) ਵਿੱਚ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਸੀ। ਜਿ਼ਲ੍ਹਾ ਮੋਗਾ ਨੇ ਗੰਦਗੀ ਮੁਕਤ ਭਾਰਤ ਮੁਹਿੰਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜਿ਼ਲ੍ਹਾ ਮੋਗਾ ਵਿੱਚ ਵਾਲ ਪੇਂਟਿੰਗ ਅਤੇ ਹੋਰ ਸਾਧਨਾਂ ਰਾਹੀਂ ਸਿਰ ਤੋੜ ਜਾਗਰੂਕਤਾ ਪ੍ਰਚਾਰ ਕੀਤਾ ਗਿਆ ਜਿਸ ਨੂੰ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਬਹੁਤ ਸਰਾਹਿਆ ਗਿਆ।