ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੋਮਵਾਰ ਤੋਂ ਆਰੰਭਣਗੇ ਲੜੀਵਾਰ ਭੁੱਖ ਹੜਤਾਲ

ਨਵੀਂ ਦਿੱਲੀ, 20 ਦਸੰਬਰ 2020

ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੋਮਵਾਰ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੇ। ਇਹ ਹੜਤਾਲ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਰੋਸ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨ 25 ਦਸੰਬਰ ਤੋਂ 27 ਦਸੰਬਰ ਤਕ ਹਰਿਆਣਾ ਦੇ ਰਾਜਮਾਰਗਾਂ ’ਤੇ ਸਥਿਤ ਟੌਲ ਪਲਾਜ਼ਿਆਂ ’ਤੇ ਟੌਲ ਵਸੂਲੀ ਦੀ ਕਾਰਵਾਈ ਵੀ ਰੋਕਣਗੇ। ਇਹ ਪ੍ਰਗਟਾਵਾ ਸਵਰਾਜ ਇੰਡੀਆ ਦੇ ਪ੍ਰਮੁੱਖ ਯੋਗਿੰਦਰ ਯਾਦਵ ਨੇ ਸਿੰਘੂ ਸਰਹੱਦ ’ਤੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਪ੍ਰਦਰਸ਼ਨ ਵਾਲੀ ਥਾਂ ਤੋਂ 11 ਮੈਂਬਰਾਂ ਦੀ ਟੀਮ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਮੁਲਕ ਭਰ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੋਂ ਅਪੀਲ ਕੀਤੀ ਕਿ ਉਹ ਜਿਥੇ ਵੀ ਹਨ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਇਕ ਦਿਨ ਦੀ ਹੜਤਾਲ ਰੱਖਣ। ਕਾਬਿਲੇਗੌਰ ਹੈ ਕਿ ਹਜ਼ਾਰਾਂ ਕਿਸਾਨ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਤੋਂ ਹਨ, ਬੀਤੇ ਚਾਰ ਹਫ਼ਤਿਆਂ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮਾਰਗਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡਾਲੇਵਾਲਾ ਨੇ ਕਿਹਾ ਕਿ ਕਿਸਾਨ 25 ਦਸੰਬਰ ਤੋਂ 27 ਦਸੰਬਰ ਤਕ ਹਰਿਆਣਾ ਵਿੱਚ ਟੌਲ ਪਲਾਜ਼ਿਆਂ ’ਤੇ ਧਰਨਾ ਦੇਣਗੇ ਤੇ ਟੌਲ ਵਸੂਲੀ ਦੀ ਕਾਰਵਾਈ ਰੋਕਣਗੇ। ਕਿਸਾਨ ਆਗੂ ਰਾਕੇਸ ਟਿਕੈਤ ਨੇ ਕਿਹਾ ਕਿ ਕਿਸਾਨ 23 ਦਸੰਬਰ ਨੂੰ ਕਿਸਾਨ ਦਿਵਸ ਮਨਾਉਣਗੇ। ਉਨ੍ਹਾਂ ਕਿਹਾ, ‘ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਦਿਨ ਦੁਪਹਿਰ ਦਾ ਖਾਣਾ ਨਾ ਪਕਾਉਣ।’

Leave a Reply

Your email address will not be published. Required fields are marked *