ਭਵਾਨੀਗੜ੍ਹ, 19 ਦਸੰਬਰ 2020
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਰੌਸ਼ਨਵਾਲਾ ਵਿਖੇ ਅੱਜ ਨੌਵੇਂ ਦਿਨ ਧਰਨੇ ਦੌਰਾਨ ਐਕਸਪ੍ਰੈਸ ਵੇਅ ਦੇ ਸਰਵੇ ਕਰਨ ਆਏ 14 ਮੁਲਜ਼ਮਾਂ ਨੂੰ ਮੁੜ ਬੰਦੀ ਬਣਾ ਲਿਆ। ਇਸ ਮੌਕੇ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੇ ਬਲਾਕ ਆਗੂ ਪਰਦੀਪ ਸਿੰਘ, ਹਰਮਨਪ੍ਰੀਤ ਸਿੰਘ ਡਿੱਕੀ, ਜਗਜੀਤ ਸਿੰਘ ਮੀਰਹੇੜੀ, ਜੋਗਾ ਸਿੰਘ ਫੱਗੂਵਾਲਾ, ਜੋਗਿੰਦਰ ਸਿੰਘ ਕਪਿਆਲ, ਜਗਵਿੰਦਰ ਸਿੰਘ, ਰਾਂਝਾ ਸਿੰਘ ਖੇੜੀ ਚੰਦਵਾਂ ਅਤੇ ਕਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਐਕਸਪ੍ਰੈਸ ਵੇਅ ਦੇ ਮੁਲਾਜ਼ਮ ਧੱਕੇ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਦਾਖਲ ਹੋ ਰਹੇ ਹਨ। ਪਹਿਲਾਂ ਦੋ ਵਾਰ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ ਸੀ ਪਰ ਅਧਿਕਾਰੀ ਇਨ੍ਹਾਂ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਅੱਜ ਦੁਬਾਰਾ ਦਰਜਨ ਤੋਂ ਵੱਧ ਠੇਕੇਦਾਰ ਦੇ ਵਿਅਕਤੀ ਉਨ੍ਹਾਂ ਦੇ ਖੇਤਾਂ ਵਿੱਚ ਸਰਵੇ ਕਰਨ ਦੇ ਬਹਾਨੇ ਦਾਖਲ ਹੋ ਗਏ ,ਜਿਨ੍ਹਾਂ ਨੂੰ ਕਾਬੂ ਕਰਕੇ ਕਿਸਾਨਾਂ ਨੇ ਇੱਥੇ ਧਰਨੇ ਵਿੱਚ ਲਿਆਂਦਾ। ਉਨ੍ਹਾਂ ਨੂੰ ਪ੍ਰਸਾਸ਼ਨ ਉੱਤੇ ਭਰੋਸਾ ਨਹੀਂ ਰਿਹਾ। ਇਸ ਲਈ ਉਹ ਇਨ੍ਹਾਂ ਵਿਅਕਤੀਆਂ ਨੂੰ ਅਧਿਕਾਰੀਆਂ ਦੇ ਹਵਾਲੇ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਉਹ ਸੜਕ ਦੀ ਉੱਚ ਅਥਾਰਟੀ ਵੱਲੋਂ ਭਰੋਸਾ ਦੇਣ ਉਪਰੰਤ ਹੀ ਇਨ੍ਹਾਂ ਮੁਲਾਜ਼ਮਾਂ ਨੂੰ ਛੱਡਣਗੇ।ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਸ ਸਮੇ ਤੱਕ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਦੇਣ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਭਵਾਨੀਗੜ੍ਹ ਪੁਲੀਸ ਵਲੋਂ ਕੱਲ੍ਹ ਕਾਬੂ ਕੀਤੇ ਸਰਵੇ ਟੀਮ ਦੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਨੇ ਦੱਸਿਆ ਕਿ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।